Welcome to the Sikh Vichar Manch-Thought Provoking Forum for Justice

 
 
 


Lal Chand Yamla Jatt Remembered: 
ਲਾਲ ਚੰਦ ਯਮਲਾ ਜੱਟ ਜਿਵੇਂ ਡਿੱਠਾ
, ਸਮਝਿਆ ਤੇ ਪੜ੍ਹਿਆ
ਬਲਬੀਰ ਸਿੰਘ ਸੂਚ
, ਐਡਵੋਕੇਟ, ਲੁਧਿਆਣਾ*


ਲਾਲ ਚੰਦ ਯਮਲਾ ਜੱਟ

ਲਾਲ ਚੰਦ ਯਮਲਾ ਜੱਟ (ਸਾਲ 1910 - ਦਸੰਬਰ 20, 1991):ਯਮਲਾ ਜੱਟ ਆਪਣੇ ਸਮੇਂ ਦੇ ਪੰਜਾਬੀ ਲੋਕ ਗੀਤਕਾਰਾਂ ਵਿੱਚੋਂ ਚੋਟੀ ਦਾ ਲੋਕ ਗੀਤਕਾਰ ਹੋਇਆ ਹੈ ਜਿਸ ਦੇ ਗੀਤ ਉਸ ਦੀ ਆਪਣੀ ਕੀਤੀ ਚੋਣ ਅਨੁਸਾਰ ਉਸਾਰੂ ਤੇ ਸਵਾਰਥ ਤੋਂ ਰਹਿਤ ਸ਼ਬਦਾਵਲੀ ਵਾਲੇ ਸਨ ਉਹ ਸਕੂਲੀ ਵਿਦਿਆ ਨਾ  ਹੋਣ ਦੇ ਬਾਵਜੂਦ ਆਪਣੇ ਹੁਨਰ ਅਤੇ ਯਾਦਆਸ਼ਤ ਦਾ ਸਿੱਕਾ ਜਮਾ ਕੇ  ਸਦਾ ਲਈ ਅਮਰ ਹੋ ਗਿਆ ਹੈ ਸੰਸਾਰ ਵਿੱਚ ਅਜਿਹੇ ਵਿਰਲੇ ਵਿਅਕਤੀ ਆਏ ਤੇ ਚਲੇ ਗਏ, ਜਿਨ੍ਹਾਂ ਦੀ ਕਤਾਰ ਵਿੱਚ ਯਮਲਾ ਜੱਟ ਨੂੰ ਖੜ੍ਹੇ ਕੀਤਾ ਜਾ ਸਕਦਾ ਹੈ ਉਸ ਆਪਣੇ ਨਿੱਜ ਤੋਂ ਉਪਰ ਉੱਠ ਕੇ ਲੋਕਾਂ ਦੇ ਮੰਨੋਰਜਨ ਲਈ ਗਾਇਆ ਤੇ ਬੇਦਾਗ  ਰਹਿ ਕੇ, ਆਪਣੇ ਗੀਤਾਂ ਦੀ ਸ਼ਬਦਾਵਲੀ ਅਨੁਸਾਰ ਹੀ ਆਪਣੇ ਆਪ ਨੂੰ ਢਾਲਿਆ ਹੋਇਆ ਸੀ ਤੇ ਉਸੇ ਤਰ੍ਹਾਂ ਹੀ ਜੀਵਨ ਬਤੀਤ ਕੀਤਾ ਉਸ ਦੇ ਇਹ ਗੁਣ ਕਿਸੇ ਤੋਂ ਛੁਪੇ ਹੋਏ ਨਹੀਂ ਹਨ ਅਜਿਹੇ ਵਿਰਲੇ ਵਿਅਕਤੀ ਆਪਣਿਆ ਲਈ ਹੀ ਨਹੀਂ ਸਗੋਂ ਸਾਰਿਆਂ ਲਈ ਕੁੱਝ ਅੱਛਾ ਕਰ ਜਾਣ ਦੀ ਪ੍ਰੇਰਨਾ ਦਾ ਸੋਮਾ ਹੁੰਦੇ ਹਨ ਇਸ ਪੰਜਾਬੀ ਲੋਕ ਗੀਤਕਾਰ ਨੂੰ ਹਮੇਸ਼ਾ ਇਸ ਦੇ ਗੁਣਾ ਕਰਕੇ ਯਾਦ ਕੀਤਾ ਜਾਂਦਾ ਰਹੇਗਾ 

ਯਮਲਾ ਜੱਟ ਨੂੰ ਹਮੇਸ਼ਾ ਉਸਤਾਦ ਜੀ ਕਹਿ ਕੇ ਹੀ ਕਲਾਕਾਰ ਬਲਾਉਂਦੇ ਤੇ ਯਾਦ ਕਰਦੇ ਸਨ ਜਦੋਂ ਕਿ ਸਰੋਤੇ ਯਮਲਾ ਜੱਟ ਨੂੰ ਤੂੰਬੀਂ ਦਾ ਬਾਦਸ਼ਾਹ ਆ ਗਿਆ ਕਹਿੰਦੇ ਕਹਿੰਦੇ ਝੂੰਮਣ ਤੇ ਕਿਲਕਾਰੀਂਆਂ ਮਾਰਨ ਲੱਗ ਪੈਂਦੇ ਸਨ  

ਸਾਲ 1978-79 ਦੀ ਗੱਲ ਹੈ ਕਿ ਸੈਕਟਰ-18, ਚੰਡੀਗੜ੍ਹ ਵਿਖੇ ਇੱਕ ਕਲੱਬ ਵਾਲਿਆਂ ਵੱਲੋਂ ਮੇਲਾ ਲਗਾਇਆ ਹੋਇਆ ਸੀ ਜਿਥੇ ਯਮਲਾ ਜੱਟ ਨੂੰ ਇੱਕ ਮੁੱਖ ਕਲਾਕਾਰ ਵਜੋਂ ਬੁਲਾਵੇ ਤੇ ਆਉਂਦੇ ਇਸ  ਸੱਤਰਾਂ ਦੇ ਲੇਖਕ ਨੇ ਆਪਣੇ ਪਰਿਵਾਰ ਸਮੇਤ ਵੇਖਿਆ ਅਤੇ ਮੇਲੇ ਵਿੱਚ ਹਾਜਰ ਲੋਕਾਂ ਵੱਲੋਂ ਯਮਲਾ ਜੱਟ ਨੂੰ ਤਾਲੀਆਂ ਦੀ ਗੂੰਜ ਵਿੱਚ ਜੀ ਆਇਆਂ ਕਰਦੇ ਦੇਖਿਆ ਸੀ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਯਮਲਾ ਜੀ ਨੇ ਵੀ ਅਨੋਖੀ ਜਿਹੀ ਮੁਸਕਰਾਹਟ ਨਾਲ ਤੂੰਬੀ ਸਮੇਤ ਹੱਥ ਜੋੜ ਕੇ ਤੇ ਹੱਥਾਂ ਨੂੰ ਵਾਰ ਵਾਰ ਉਪਰ ਚੁੱਕ ਕੇ ਸਰੋਤਿਆਂ ਨੂੰ ਜਵਾਬ ਵਿੱਚ ਖੁਸ਼ੀ ਨਾਲ ਹੁੰਗਾਰਾ ਤਾਂ ਦਿੱਤਾ ਹੀ ਸੀ, ਸਟੇਜ ਤੇ ਬੈਠੇ ਪ੍ਰਬੰਧਕਾਂ ਨੂੰ ਵੀ ਉਸ ਨੇ ਬੜੇ ਅਦਬ ਨਾਲ ਨਮਸਕਾਰ ਕੀਤੀ ਸੀ 

ਇਸ ਦੇਖੇ ਦ੍ਰਿਸ਼ ਨਾਲ ਇਕ ਸੁਹਾਵਣੀ ਘਟਨਾ ਜੁੜੀ ਹੋਣ ਕਰਕੇ, ਇਹ ਦ੍ਰਿਸ਼ ਨਹੀਂ ਭੁੱਲਦਾ ਮੰਚ ਸੰਚਾਲਕ ਜਾਂ ਕਹਿ ਲਓ ਕਿ ਜਿਸ ਸੋਹਣੀ ਮੁਟਿਆਰ ਨੇ ਸਟੇਜ ਸੰਭਾਲੀ ਹੋਈ ਸੀ, ਉਸ ਨੇ ਹਰੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਉਹ ਵੀ ਉਸ ਵੇਲੇ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੀ ਸੀ ਯਮਲਾ ਜੱਟ ਦੀ ਮਾਵਾ ਲੱਗੀ ਤੁਰਲੇ ਵਾਲੀ ਪੱਗ, ਹੱਥ ਵਿੱਚ ਛੋਟੀ ਤੂੰਬੀ, ਚਿੱਟਾ ਕੁੜਤਾ, ਤੇੜ ਚਾਦਰਾ ਤੇ ਪੈਰਾਂ ਵਿੱਚ ਕੱਢਵੀਂ ਤੇ ਸੰਗਾਂਰੀ ਪੰਜਾਬੀ ਜੁੱਤੀ ਉਸ ਨੂੰ ਪੱਬਾ ਭਾਰ ਰੱਖਦੀ ਹੋਈ, ਉਸ ਦੇ ਮਧਰੇ ਜਿਹੇ ਕੱਦ ਨੂੰ ਜਿੱਥੇ ਉੱਚਾ ਕਰਦੀ ਸੀ ਉੱਥੇ ਇਹ ਪੁਸ਼ਾਕ ਯਮਲਾ ਜੱਟ ਦੀ ਪਹਿਲਾਂ ਤੋਂ ਹੀ ਬਣੀ ਅਲੱਗ ਪਹਿਚਾਨ ਨੂੰ ਨਿਖਾਰ ਕੇ, ਹੋਰ ਨਿਆਰੀ ਦਿਖ ਦੇ ਰਹੀ ਸੀ  

ਇਹ ਲੇਖਕ ਉਸ ਆਪਣੀ ਉਮਰ ਵੇਲੇ ਦਾ ਦ੍ਰਿਸ਼ ਬਿਆਨ ਕਰ ਰਿਹਾ ਹੈ ਜਦੋਂ ਉਹ ਖੁਦ ਇੱਕ ਜੋਸ਼ੀਲਾ ਤੇ ਨਿਆਰਾ ਗੱਭਰੂ ਸੀ ਤੇ ਉਸ ਨੂੰ ਪ੍ਰਮਾਤਮਾ ਪਾਸੋਂ  ਵੀ ਬਹੁਤ ਸੁੰਦਰ ਸੁਪਤਨੀ ਦਾ ਸਾਥ ਮਿਲਿਆ ਹੋਇਆ ਸੀ ਜੋ ਸਾਥ ਅਜੇ ਵੀ ਨਿਭ ਰਿਹਾ ਹੈ ਸਾਡੀ ਪਹਿਰਾਵੇ ਦੀ ਸਾਦਗੀ ਤੇ ਮੇਲੇ ਦੀ ਰੰਗੀਨਤਾ ਵਿੱਚ ਸਾਡਾ ਆਪਣਾ ਆਪ ਤਾਂ ਸਭ ਕੁੱਝ ਛੁਪ ਰਿਹਾ ਸੀ  ਪਰ ਸਟੇਜ  ਤੇ ਬੈਠੇ ਨਿਖਰੇ ਯਮਲਾ ਜੱਟ ਤੇ ਉਹ ਸੋਹਣੀ ਮੁਟਿਆਰ, ਦੋਨੋ ਤਾਂ ਮੇਲੇ ਨੂੰ ਚਾਰ ਚੰਨ ਲਾ ਰਹੇ ਸਾਫ ਦਿਖਾਈ ਦੇ ਰਹੇ ਸਨ 

ਲੇਖਕ ਦੇ ਮਨ ਵਿੱਚ, ਉਸ ਵੇਲੇ ਮੌਜੂਦ ਖੁਦ ਦੀ ਅਤਿ ਸੁੰਦਰ ਸੁਪਤਨੀ ਸਾਹਮਣੇ, ਉਸ ਸਟੇਜ ਸੰਭਾਲ ਰਹੀ, ਸੋਹਣੀ ਮੁਟਿਆਰ ਦੀ ਸੁੰਦਰਤਾ ਦਾ ਖਿਆਲ ਵੀ ਨਹੀਂ ਸੀ ਆਉਣਾ ਜੇ ਯਮਲਾ ਜੱਟ ਸਟੇਜ ਸੰਭਾਲ ਰਹੀ ਲੜਕੀ ਉਪਰ ਅੱਖ ਲਗਾਤਾਰ ਨਾ ਟਿਕਾਈ ਰੱਖਦਾ ਪਰ ਯਮਲਾ ਜੱਟ ਤਾਂ ਇਉਂ ਲਗਦਾ ਸੀ ਜਿਵੇਂ ਸਰੋਤਿਆਂ ਨੂੰ ਭੁੱਲ ਕੇ, ਉਸ ਸੋਹਣੀ ਮੁਟਿਆਰ ਲਈ ਹੀ ਗੀਤ ਗਾ ਰਿਹਾ ਹੋਵੇ ਤੇ ਅੱਗੇ ਦੇਖਣ ਦੀ ਬਜਾਏ ਜਿਆਦਾਤਰ ਪਿੱਛੇ ਸਟੇਜ ਤੇ ਹੀ ਉਸ ਸੋਹਣੀ ਮੁਟਿਆਰ ਵੱਲ ਤੱਕ ਕੇ ਝੂੰਮਦਾ ਤੇ ਗਾਉਂਦਾ ਰਿਹਾ! ਇਹ ਦ੍ਰਿਸ਼ ਦੇਖਣ ਵੇਲੇ ਮੇਰੀ ਪਤਨੀ ਨੇ ਮੈਨੂੰ ਅਚਨਚੇਤ ਹੀ ਕਿਹਾ ਕਿ ਇਸ (ਯਮਲੇ) ਨੂੰ ਵਹਿਮ ਹੋ ਗਿਆ ਲੱਗਦਾ ਹੈ ਕਿ ਉਹ ਮੁਟਿਆਰ ਉਸ ਨੂੰ ਚਹੁੰਦੀ ਹੈ  

ਲੇਖਕ ਕਹਿ ਸਕਦਾ ਹੈ ਕਿ ਯਮਲਾ ਜੱਟ ਨੂੰ ਇਸੇ ਤਰ੍ਹਾਂ ਸੁੰਦਰਤਾ ਦੀ ਕਦਰ ਕਰਨ ਦਾ ਹੱਕ ਹਾਸਲ ਰਿਹਾ ਹੋਵੇਗਾ ਜਦੋਂਕਿ ਇਹ ਸਾਰਿਆ ਦੇ ਨਸੀਬ ਵਿੱਚ ਨਹੀਂ ਹੁੰਦਾ ਹੈ 

ਇਸ ਕਲਾਕਾਰ ਦੇ ਪਿਛੋਕੜ `ਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਯਮਲਾ ਜੱਟ ਦਾ ਜਨਮ ਚੱਕ ਨੰਬਰ 384 ਪਿੰਡ ਈਸਪੁਰ, ਤਹਿਸੀਲ ਟੋਬਾ ਟੇਕ ਸਿੰਘ, ਜਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ ਹੋਇਆ ਸੀ। 1947 ਆ ਕੇ ਜਵਾਹਰ ਨਗਰ (ਕੈਂਪ) ਵਿੱਚ ਲੁਧਿਆਣਾ  ਰਹਿਣ ਲੱਗ ਪਏ ਇਹਨਾਂ ਨੇ ਸੰਗੀਤ ਦੀ ਵਿੱਦਿਆ ਪੰਡਿਤ ਦਿਆਲ ਜੀ ਅਤੇ ਚੌਧਰੀ ਮਜੀਦ ਜੀ ਤੋਂ  ਪਾਕਿਸਤਾਨ ਵਿੱਚ ਹੀ ਸਿੱਖੀ ਸੀ ਇਨ੍ਹਾਂ ਦੇ ਪਿਤਾ ਖੇੜਾ ਰਾਮ, ਜੋ ਕਿ  ਬਟਵਾਲ ਰਾਜਪੂਤ ਬਰਾਦਰੀ, ਝੰਜੋਤਰਾ ਗੋਤ ਨਾਲ ਸਬੰਧਤ ਸਨ ਅਤੇ ਮਾਤਾ ਹਰਨਾਮ ਕੌਰ ਸੀ ਉਨ੍ਹਾਂ ਦਾ ਵਿਆਹ  ਸਾਲ 1928 ਵਿੱਚ ਸ੍ਰੀਮਤੀ ਰਾਮ ਰੱਖੀ ਨਾਲ ਹੋਇਆ, ਜਿਸ ਚੋਂ 2 ਲੜਕੀਆਂ , ਸਤੋਸ਼ ਰਾਣੀ, ਸਰੂਪ ਰਾਣੀ ਅਤੇ 5 ਲੜਕੇ, ਜਸਵਿੰਦਰ ਯਮਲਾ, ਜਗਵਿੰਦਰ ਯਮਲਾ, ਜਗਦੀਸ਼ ਯਮਲਾ,   ਕਰਤਾਰ  ਯਮਲਾ ਅਤੇ  ਜਸਦੇਵ  ਯਮਲਾ  ਹੋਏ ਹੁਣ ਇਹਨਾਂ  ਵਿੱਚੋਂ ਕਰਤਾਰ  ਯਮਲਾ, ਜਸਦੇਵ  ਯਮਲਾ  ਅਤੇ ਲੜਕੀ ਸਰੂਪ ਰਾਣੀ ਆਪਣਾ ਜੀਵਨ ਹੰਢਾ ਰਹੇ ਹਨ 

ਜਿੱਥੇ ਪਰਿਵਾਰ ਚੋਂ ਇਕੱਲਾ ਜਸਦੇਵ  ਯਮਲਾ ਆਪਣੇ ਪਿਤਾ ਦੀ ਗਾਇਕੀ ਦੇ ਵਿਰਸੇ ਨੂੰ ਕਾਇਮ ਰੱਖਣ ਲਈ ਤਹਿ ਦਿਲੋਂ ਲੱਗਿਆ ਹੋਇਆ ਹੈ ਉੱਥੇ ਸ੍ਰੀ ਰਵਿੰਦਰ ਬੱਗਾ ਭੰਗੜੇ ਵਾਲੇ ਜੋ ਸੋਹਣਾ ਪੰਜਾਬ ਭੰਗੜਾ ਕਲੱਬ (ਰਜਿ:) ਜਵਾਹਰ ਨਗਰ, ਲੁਧਿਆਣਾ ਦਾ ਮੁੱਖ ਸੰਚਾਲਕ ਵੀ ਹੈ, ਲਾਲ ਚੰਦ ਯਮਲਾ ਜੱਟ ਦਾ ਸਾਰਾ ਗਾਇਕੀ ਦਾ ਖਜ਼ਾਨਾ ਸੰਭਾਲਣ ਲਈ ਵਚਨਬੱਧ ਹੋ ਕੇ ਕੰਮ ਕਰਦਾ ਦਿਖਾਈ ਦਿੰਦਾ ਹੈ 

ਲਾਲ ਚੰਦ ਯਮਲਾ ਜੱਟ ਦੇ ਸਾਰੇ ਗੀਤ ਹੀ ਸਮਾਜ ਲਈ ਉਸਾਰੂ ਤੇ ਲੱਚਰ ਪੁਣੇ ਤੋਂ ਦੂਰ ਸਨ ਅਤੇ ਸਭ ਤੋਂ ਵੱਧ ਪ੍ਰਸਿੱਧ ਯਮਲਾ ਜੱਟ ਦੇ ਗਾਣੇ: 

ਦਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਅਤੇ
ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ 

ਇਸੇ ਤਰ੍ਹਾਂ ਹੀ ਯਮਲਾ ਜੱਟ ਦੇ ਦੁੱਲਾ ਭੱਟੀ, ਸਾਹਨ੍ਹੀ ਕੌਲਾਂ ਅਤੇ ਪੂਰਨ ਭਗਤ ਬਾਰੇ ਗਾਏ ਗੀਤਾਂ ਨੇ ਪ੍ਰਸਿੱਧੀ ਖੱਟੀ। 

ਸਤਿਗੁਰ ਨਾਨਕ  ਆ ਜਾ  ਦੇ ਗੀਤ ਨਾਲ ਯਮਲਾ ਜੱਟ  ਨੇ ਪੁਕਾਰ ਇਉਂ ਤੇ ਕਿਉਂ ਕੀਤੀ?

(1) 
ਸਤਿਗੁਰ ਨਾਨਕ ਆ ਜਾ
,

ਦੁਨੀਆ ਨੂੰ ਦੀਦ ਦਿਖਾ ਜਾ,

ਸੰਗਤ ਪਈ ਪੁਕਾਰਦੀ,

ਤੇਰੇ ਹੱਥ ਵਿਚ ਚਾਬੀ ਓਹ ਦਾਤਾ ਸਾਰੇ ਸੰਸਾਰ ਦੀ

ਜੇਹਲਾਂ ਵਿਚ ਜਾਕੇ ਦੁਖੀਆਂ ਦਾ ਤੂੰ ਦੁਖ ਨਿਵਾਰਿਆ

ਤੂੰ ਆਕੜ ਭੰਨੀ ਓਹ ਦਾਤਾ ਬਾਬਰ ਸਰਕਾਰ ਦੀ

ਤੇਰੇ ਹੱਥ ਵਿਚ

(2) 
ਮੈ ਵੇਖਿਆ ਆ ਦਰ ਦਰ ਫਿਰਦੀ
,

ਇਹ ਲਾਲਸਾ ਕੁੱਤੀ,

ਟੁੱਟਣ ਤੀਕਰ ਗੰਦਗੀ ਚੱਟੇ,

ਜਿਉਂ ਪੈਰ ਦੀ ਜੁੱਤੀ 

(3) 
ਅਸਲੀਅਤ ਨੂੰ ਜੋ ਭੁਲ ਗਿਆ
, ਓਹ ਨਕਲ ਨੂੰ ਅਪਨਾ ਰਿਹੈ,

ਆਪਣੀ ਨਜਰ ਮੈਂ ਦੇਖਿਆ, ਬੰਦੇ ਨੂੰ ਬੰਦਾ ਖਾ ਰਿਹੈ.

ਜਦੋਂ ਸਤ ਸੰਤੋਖ ਸੀ, ਤਾ ਆਸਰਾ ਸੀ ਪਿਆਰ  ਦਾ,

ਅੱਜ ਵਾਂਗੂੰ ਨਹੀ ਸੀ, ਕੋਈ ਕਿਸੇ ਨੂੰ ਮਾਰਦਾ,

ਅੱਜ ਸੱਚ ਤੇ ਧਰਮ ਈਮਾਨ ਤੋਂ, ਓਹ ਦੂਰ ਹੁੰਦਾ ਜਾ ਰਿਹੈ,

ਆਪਣੀ ਨਜਰ ਮੈਂ ਵੇਖਿਆ 

(4)
 ਹਰ ਚੀਜ ਬਨੌਟੀ ਬਣ ਗਈ ਏ.

ਕਿਸੇ ਸ਼ੈ ਵਿੱਚ ਅਸਲੀ ਰਸ ਕੋਈ ਨਹੀਂ,

ਪੁੰਨ ਲੱਖਾਂ ਚੋਂ ਇੱਕ ਕਰਦਾ ਏ, ਪਾਪਾਂ ਦੀ ਗਿਣਤੀ ਵਧ ਗਈ ਏ.

ਮੈਥੋਂ ਗਿਣ ਕੇ ਦੱਸਿਆ ਨਹੀਂ ਜਾਂਦਾ, ਹਰ ਪਾਸੇ ਹੀ ਹੋ ਹੱਦ ਗਈ ਏ.

ਤੰਗ ਕੋਹੜ ਕਿਰਮ ਨੇ ਕੀਤਾ ਏ,

ਬਿਨ ਰੋਗੋ ਦਿਸਦੀ ਨਸ ਕੋਈ ਨਹੀਂ

ਹਰ ਚੀਜ ਬਨੌਟੀ 

ਇਨ੍ਹਾਂ ਦੀ ਮਸ਼ਹੂਰ ਕੈਸਟ ਕੰਪਨੀ ਐਚ ਐਮ ਵੀ (HMV) ਵੱਲੋਂ 1952 ਵਿੱਚ ਕੈਸੇਟ ਕੱਢੀ ਗਈ ਅਤੇ ਆਖਰ ਤੱਕ ਉਹ ਐਚ ਐਮ ਵੀ ਨਾਲ ਜੁੜੇ ਰਹੇ  

ਯਮਲਾ ਜੱਟ ਦਾ ਸਨਮਾਨ ਸੋਨੇ ਦੇ ਤਮਗੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 1956 ਵਿੱਚ ਕੀਤਾ ਅਤੇ ਇਸੇ ਤਰ੍ਹਾਂ ਹੀ ਭਾਰਤ ਦੇ ਰਾਸ਼ਟਰਪਤੀ ਨੇ ਵੀ ਉਸੇ ਸਾਲ ਯਮਲਾ ਜੱਟ  ਨੂੰ ਸਨਮਾਨਤ ਕੀਤਾ ਉਨ੍ਹਾਂ ਦੇ ਜੀਵਨ ਭਰ ਦੀ ਦੇਣ ਸਬੰਧੀ ਉਨ੍ਹਾਂ ਨੂੰ ਸਾਲ 1989 ਵਿੱਚ ਕੌਮੀ ਅਕੈਡਮੀ ਆਫ ਡਾਂਸ, ਡਰਾਮਾ ਅਤੇ ਮਿਊਜ਼ਕ, ਦਿੱਲੀ (National Academy of Dance, Drama and Music, Delhi, India) ਵੱਲੋਂ ਸਨਮਾਨ ਦਿੱਤਾ ਗਿਆ ਸੀ  

ਇਨ੍ਹਾਂ ਸਤਰਾਂ ਦਾ ਲੇਖਕ ਦਿਲੋਂ ਸਾਰੇ ਉਸਾਰੂ ਕਲਾਕਾਰਾਂ ਦਾ ਸਤਿਕਾਰ ਤੇ ਸ਼ਲਾਘਾ ਕਰਦਾ ਹੈ ਕਿਉਂਕਿ ਕਲਾਕਾਰ ਆਪਣੀ ਕਲਾ ਨਾਲ ਲੋਕਾਂ ਦਾ ਸੁਹਜ ਸੁਆਦ ਨੂੰ ਟੁੰਬਦੇ ਅਤੇ ਉਨ੍ਹਾਂ ਦਾ ਮਨੋਰੰਜਨ ਕਰਕੇ ਵੱਢਮੁੱਲੀ ਸੇਵਾ ਕਰਦੇ ਹਨ ਇਹ ਸੇਵਾ ਲੋਕਾਂ ਦੀ ਮਾਨਸਿਕ ਸੰਤੁਸ਼ਟੀ ਲਈ ਦੀਵੇ ਵਿੱਚ ਤੇਲ ਵਾਂਗ ਅਤਿ ਜਰੂਰੀ ਹੈ ਜਦੋਂ ਵੀ ਯਮਲਾ ਜੱਟ, ਪ੍ਰਸਿੱਧ ਗਾਇਕ ਤੂੰਬੀ ਦਾ ਬਾਦਸ਼ਾਹ ਇਨ੍ਹਾਂ ਸਤਰਾਂ ਦੇ ਲੇਖਕ ਦੇ ਲਾਗਿਓਂ ਗੁਜ਼ਰਦਾ ਤਾਂ ਉਸ ਬਾਦਸ਼ਾਹ ਨੂੰ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਖੁਸ਼ੀ ਲੈਂਦਾ ਤੇ ਉਨ੍ਹਾਂ ਵੱਲੋਂ ਉਸਾਰੂ ਗਾਇਕੀ ਨਾਲ ਲੋਕਾਂ ਨੂੰ ਖੁਸ਼ੀਆਂ  ਵੰਡਣ ਦੀ ਸੇਵਾ ਲਈ ਖੁਦ ਨੂੰ ਰਿਣੀ ਹੋਣ ਦਾ ਜਦੋਂ ਅਹਿਸਾਸ ਕਰਵਾਉਂਦਾ ਤਾਂ ਯਮਲਾ ਜੱਟ ਢਿੱਡੋਂ ਨਿਕਲੀ ਆਵਾਜ਼ ਨੂੰ ਪਹਿਚਾਨਦਾ ਹੋਇਆ ਸਤਿਕਾਰ ਨਾਲ ਜਵਾਬ ਵਿੱਚ ਅੰਦਰੋਂ  ਅੰਦਰ ਯਮਲਾ ਹੋ ਜਾਂਦਾ ਸੀ  

ਇਨਸਾਨ ਦਾ ਜੀਵਨ ਘੁੱਟਿਆ-ਘੁੱਟਿਆ ਨਹੀਂ ਹੋਣਾ ਚਾਹੀਦਾ ਸਗੋਂ ਖੋਜੀ ਹੋਵੇ ਤਾਂ ਚੰਗੀ ਗੱਲ ਹੈ ਜਿਸ ਤੋਂ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਨਾ ਮਿਲਦੀ ਰਹਿੰਦੀ ਹੈ ਕਲਾਕਾਰ ਕਿਸੇ ਵਿਸ਼ੇ ਜਾਂ ਖੇਤਰ ਦਾ ਕਿਉਂ ਨਾ ਹੋਵੇ, ਸਤਿਕਾਰ ਦੀ ਆਸ ਰੱਖਦਾ ਹੈ ਅਤੇ ਉਹ ਆਪਣੀ ਯੋਗਤਾ ਮੁਤਾਬਕ ਸਤਿਕਾਰ ਲੈ ਕੇ ਰਹਿੰਦਾ ਹੈ ਉਹੀ ਹਾਲ ਲਾਲ ਚੰਦ ਯਮਲਾ ਜੱਟ ਦਾ ਵੀ ਹੈ ਕਲਾ ਇਨਸਾਨ ਲਈ ਖੁਰਾਕ ਵਾਂਗ ਭੁੱਖ ਦੂਰ ਕਰਨ ਲਈ ਜਰੂਰੀ ਹੈ ਕਲਾ ਦਾ ਘੇਰਾ ਵਿਸ਼ਾਲ ਹੈ ਇਸ ਲਈ ਇਸ ਦੀ ਕੋਈ ਵੀ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਇਸ ਕਾਰਨ ਹੀ ਕਲਾ ਦੇ ਚਹੇਤੇ ਵੰਨ ਸੁਵੰਨੇ ਹਨ ਸੁਭਾਵਕ ਹੀ ਹਰ ਕਲਾ ਹਰੇਕ  ਨੂੰ ਰਾਸ ਨਹੀਂ ਆਉਂਦੀ ਜਿਵੇਂ ਕਿ ਇੱਕ ਅਭਿਨੇਤਾ ਜਾਂ ਨਕਲੀਆ ਸਮਾਜਕ ਬੁਰਾਈ ਨੂੰ ਆਪਣੀ ਕਲਾ ਰਾਹੀਂ ਲੋਕਾਂ ਨੂੰ ਹਸਾਉਣ ਦੇ ਲਹਿਜੇ ਵਿੱਚ ਉਭਾਰਦਾ ਹੋਇਆ ਰਲੀ ਕੁੱਤੀ ਅਤੇ ਚੋਰ ਨੂੰ ਵੀ ਹਸਾ ਕੇ ਉਸ ਭੈੜ ਪ੍ਰਤੀ ਪਬਲਿਕ ਵਿੱਚ ਬਣੀ ਗੰਭੀਰ ਵਿਚਾਰਸ਼ੀਲਤਾ ਨੂੰ ਮੁਕਾ ਕੇ, ਸਮਾਜਕ ਲਾਹਨਤਾਂ ਨੂੰ ਜਿਉਂ ਦਾ ਤਿਉਂ ਛੱਡ ਜਾਂਦਾ ਹੈ ਭਾਵ ਫਿਰ ਲੋਕ ਸੋਚਦੇ ਹਨ ਅਸੀਂ ਜੋ ਕਹਿਣਾ ਜਾਂ ਕਰਨਾ ਸੀ ਉਹ ਕੁਝ ਨਕਲੀਏ ਨੇ ਭਰੇ ਬਜ਼ਾਰ ਤੇ ਦਰਬਾਰ ਵਿੱਚ ਕਹਿ ਦਿੱਤਾ ਹੈ ਇਸ ਦਾ ਕੋਈ ਹੱਲ ਜਰੂਰ ਹੋਵੇਗਾ  ਪਰ ਅਸਲ ਮੁੱਦਾ ਤਾਂ ਹਾਸੇ ਭਾਣੇ ਉਸ ਵੇਲੇ ਹੀ ਭੁਲਾ ਦਿੱਤਾ ਜਾਂਦਾ ਹੈ ਕਿਉਂਕਿ ਗੰਭੀਰ ਸਮੱਸਿਆ `ਤੇ ਹੱਸਣ ਨਾਲ ਉਸ ਦੀ ਸੰਜੀਦਗੀ ਹੀ ਨਹੀਂ ਰਹਿੰਦੀ ਇਸ ਦਾ ਲਾਭ ਲੋਕਾਂ ਨੂੰ ਨਹੀਂ ਮਿਲਦਾ, ਸਿਰਫ ਭ੍ਰਿਸ਼ਟ ਹੁਕਮਰਾਨ ਹੀ ਉਠਾਉਂਦੇ ਹਨ ਇਹ ਸਭ ਕੁਝ ਦੇਖ ਕੇ ਤੇ ਵਿਚਾਰ ਕਰਕੇ ਕਈ ਵਾਰੀ ਦੁੱਖ  ਤਾਂ ਹੁੰਦਾ ਹੈ 

ਜੋ ਆਨੰਦ ਉਸ ਤੂੰਬੀ ਦੇ ਬਾਦਸ਼ਾਹ ਯਮਲਾ ਜੱਟ ਨੂੰ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਖੁਸ਼ੀ ਲਈ ਸੀ ਉਹ ਲੇਖਕ ਦੇ ਦੇਸ਼ ਅੰਦਰ ਭ੍ਰਿਸ਼ਟ ਕਾਨੂੰਨ ਦੇ ਰਾਖਿਆਂ  ਸਾਹਮਣੇ ਸਿਰ ਝੁਕਾਉਣ ਨਾਲ ਜਲੀਲ ਹੋਣ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਪੈਂਦਾ ਹੈ  

ਯਮਲਾ ਜੱਟ ਦੇ ਜੀਵਨ ਦੇ ਅੰਤ ਦੀ ਸ਼ੁਰੂਆਤ ਫਰਸ਼ ਤੋਂ ਡਿੱਗ ਕੇ ਪੁੜਾ ਟੁੱਟਣ ਨਾਲ ਹੋਈ ਤੇ ਸ਼ੂਗਰ ਦੀ ਬੀਮਾਰੀ ਨੇ ਵੀ ਘੇਰ ਲਿਆ ਜੋ ਮੋਹਨ ਦੇਈ ਓਸਵਾਲ ਹਸਪਤਾਲ, ਲੁਧਿਆਣਾ ਵਿੱਚ ਦਾਖਲ ਰਹੇ ਜਿੱਥੇ ਉਨ੍ਹਾਂ ਦਾ ਅੰਤ ਹੋ ਗਿਆ ਜਾਣੇ-ਪਹਿਚਾਣੇ ਜਾਂਦੇ ਸਰਦਾਰ ਜਗਦੇਵ  ਸਿੰਘ ਜੱਸੋਵਾਲ ਅਤੇ ਸਰਦਾਰ ਗੁਰਭਜਨ ਸਿੰਘ ਗਿੱਲ ਸਮੇਤ ਯਮਲਾ ਜੱਟ ਦੇ ਅਨੇਕਾਂ ਅਣ-ਗਿਣਤ ਸ਼ਗਿਰਦ ਤੇ ਹੋਰ ਰਿਸ਼ਤੇਦਾਰ ਅੰਤ ਸਮੇਂ ਉਨ੍ਹਾਂ ਪਾਸ ਪਹੁੰਚੇ ਸਨ ਜਿਵੇਂ ਕਿ ਉਨ੍ਹਾਂ ਦਾ ਇਤਿਹਾਸ ਫਰੋਲਣ ਤੇ ਜਾਣਕਾਰੀ ਪ੍ਰਾਪਤ  ਕਰਨ ਤੋਂ ਹੋਈ ਹੈ ਲਾਲ ਚੰਦ ਯਮਲਾ ਜੱਟ ਨੂੰ ਜਿਵੇਂ  ਡਿੱਠਾ, ਸਮਝਿਆ  ਤੇ ਪੜ੍ਹਿਆ, ਉਸੇ ਤਰ੍ਹਾਂ ਇਹ ਸੱਤਰਾਂ ਲਿਖ ਕੇ, ਉਸ ਦੇ ਗੁਣਾ ਕਰਕੇ, ਉਸ ਨੂੰ ਯਾਦ ਕੀਤਾ ਹੈ ਯਮਲਾ ਜੱਟ ਦੇ ਜੀਵਨ ਬਾਰੇ ਕਈ ਤੱਥ ਦਰੁੱਸਤ ਕਰਨ ਤੇ ਹੋਰ ਸਮੱਗਰੀ ਲੱਭ ਕੇ ਦੇਣ ਲਈ ਸ੍ਰੀ ਰਵਿੰਦਰ ਬੱਗਾ ਭੰਗੜੇ ਵਾਲੇ ਨੇ ਇਸ ਲਿਖਤ ਵਿੱਚ ਵੱਡਾ ਯੋਗਦਾਨ ਪਾਇਆ ਹੈ ਜਿਸ ਦਾ ਲੇਖਕ  ਬਹੁਤ ਧੰਨਵਾਦੀ ਹੈ

*ਮੁਖੀ ਅਤੇ ਬੁਲਾਰਾ, ਸਿੱਖ ਵਿਚਾਰ ਮੰਚ, ਲੁਧਿਆਣਾ
http://www.sikhvicharmanch.com/

http://www.facebook.com/#!/profile.php?id=100000753376567

 

 

 

 

 

 

 

 

 

 

 
 
 
 
     
 
muwK pMnf  |  aMgryjI aMk  |  sMcflk  |  bfnI  |  ilMk

Copyright Balbir Singh Sooch, Chief and Spokesperson, Sikh Vichar Manch, Ludhana, Punjab (India)